ਮਗੋਜ਼ਵੀ

ਨੈਰੋਬੀ ਦੇ ਵਿਅਸਤ ਸ਼ਹਿਰ ਵਿੱਚ, ਦੇਖਭਾਲ ਵਾਲੇ ਘਰ ਦੀ ਜ਼ਿੰਦਗੀ ਤੋਂ ਦੂਰ, ਬੇਘਰ ਮੁੰਡਿਆਂ ਦਾ ਇੱਕ ਗਰੁੱਪ ਰਹਿੰਦਾ ਸੀ। ਉਹ ਰੋਜ਼ ਨਵੇਂ ਦਿਨ ਦਾ ਸਵਾਗਤ ਕਰਦੇ ਸਨ। ਇੱਕ ਸਵੇਰ, ਮੁੰਡੇ ਠੰਡੇ ਫ਼ਰਸ਼ ਤੇ ਸੌਣ ਤੋਂ ਬਾਅਦ ਮੈਟ ਪੈਕ ਕਰ ਰਹੇ ਸਨ। ਠੰਡ ਨੂੰ ਦੂਰ ਕਰਨ ਲਈ ਉਹਨਾਂ ਨੇ ਕੂੜੇ ਨੂੰ ਅੱਗ ਲਾਈ। ਮੁੰਡਿਆਂ ਦੇ ਗਰੁੱਪ ਵਿੱਚ ਮਗੋਜ਼ਵੀ ਵੀ ਸੀ। ਉਹ ਸੱਭ ਤੋਂ ਛੋਟਾ ਸੀ।

1

ਮਗੋਜ਼ਵੀ ਸਿਰਫ਼ ਪੰਜ ਸਾਲ ਦੀ ਉਮਰ ਦਾ ਸੀ ਜਦ ਉਸ ਦੇ ਮਾਪੇ ਮਰ ਗਏ। ਉਹ ਆਪਣੇ ਚਾਚੇ ਦੇ ਨਾਲ ਰਹਿਣ ਲਈ ਚਲਿਆ ਗਿਆ। ਇਹ ਆਦਮੀ ਬੱਚੇ ਦੀ ਪਰਵਾਹ ਨਹੀ ਸੀ ਕਰਦਾ। ਉਹ ਮਗੋਜ਼ਵੀ ਨੂੰ ਬਹੁਤਾ ਭੋਜਨ ਨਹੀਂ ਸੀ ਦਿੰਦਾ। ਉਹ ਮੁੰਡੇ ਤੋਂ ਸਖ਼ਤ ਮਿਹਨਤ ਕਰਵਾਉਂਦਾ ਸੀ।

2

ਜੇ ਮਗੋਜ਼ਵੀ ਸ਼ਿਕਾਇਤ ਜਾਂ ਸਵਾਲ ਕਰਦਾ ਤਾਂ ਉਸ ਦਾ ਚਾਚਾ ਉਸ ਨੂੰ ਕੁੱਟ ਦਿੰਦਾ। ਜਦ ਮਗੋਜ਼ਵੀ ਨੇ ਪੁੱਛਿਆ ਜੇ ਉਹ ਸਕੂਲ ਜਾ ਸਕਦਾ ਹੈ ਤਾਂ ਉਸ ਦੇ ਚਾਚੇ ਨੇ ਉਸ ਨੂੰ ਕੁੱਟ ਕੇ ਕਿਹਾ, “ਤੂੰ ਕੁਝ ਵੀ ਸਿੱਖਣ ਲਈ ਮੂਰਖ ਹੈ।” ਇਸ ਵਿਹਾਰ ਦੇ ਤਿੰਨ ਸਾਲ ਬਾਅਦ ਮਗੋਜ਼ਵੀ ਆਪਣੇ ਚਾਚੇ ਤੋਂ ਦੂਰ ਭੱਜ ਗਿਆ। ਉਸ ਨੇ ਸੜਕ ਤੇ ਰਹਿਨਾ ਸ਼ੁਰੂ ਕਰ ਦਿੱਤਾ।

3

ਸੜਕ ਤੇ ਜ਼ਿੰਦਗੀ ਮੁਸ਼ਕਲ ਸੀ ਅਤੇ ਮੁੰਡੇ ਰੋਜ਼ਾਨਾ ਭੋਜਨ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਸਨ। ਕਈ ਵਾਰੀ ਉਹ ਗ੍ਰਿਫਤਾਰ ਹੋ ਜਾਂਦੇ, ਕਈ ਵਾਰ ਉਹ ਕੁੱਟੇ ਵੀ ਜਾਂਦੇ। ਜਦ ਉਹ ਬਿਮਾਰ ਹੋ ਜਾਂਦੇ ਤਾਂ ਉਹਨਾਂ ਦੀ ਮਦਦ ਕਰਨ ਲਈ ਕੋਈ ਨਹੀਂ ਸੀ। ਇਹ ਗਰੁੱਪ ਭੀਖ ਅਤੇ ਪਲਾਸਟਿਕ ਅਤੇ ਹੋਰ ਰੀਸਾਈਕਲਿੰਗ ਵੇਚਣ ਦੇ ਘੱਟ ਪੈਸੇ ਤੇ ਨਿਰਭਰ ਸੀ। ਵਿਰੋਧੀ ਗਰੁੱਪ ਦੇ ਝਗੜਿਆਂ ਕਰਕੇ ਜਿੰਦਗੀ ਹੋਰ ਵੀ ਮੁਸ਼ਕਲ ਸੀ ਕਿਉਕਿ ਉਹ ਸ਼ਹਿਰ ਦੇ ਅਲੱਗ-ਅਲੱਗ ਹਿੱਸੇ ਕੰਟਰੋਲ ਕਰਨਾ ਚਾਹੁੰਦੇ ਸਨ।

4

ਇੱਕ ਦਿਨ ਜਦ ਮਗੋਜ਼ਵੀ ਕੂੜੇਦਾਨ ਤਲਾਸ਼ ਕਰ ਰਿਹਾ ਸੀ, ਉਸ ਨੂੰ ਇੱਕ ਪੁਰਾਣੀ ਫਟੀ ਕਿਤਾਬ ਮਿਲੀ। ਉਸ ਨੇ ਸਾਫ਼ ਕਰਕੇ ਆਪਣੀ ਬੋਰੀ ਵਿੱਚ ਰੱਖ ਦਿੱਤੀ। ਉਹ ਹਰ ਰੋਜ਼ ਕਿਤਾਬ ਨੂੰ ਬਾਹਰ ਕੱਡ ਕੇ ਤਸਵੀਰਾਂ ਨੂੰ ਦੇਖਦਾ ਸੀ। ਉਸ ਨੂੰ ਸ਼ਬਦ ਪੜ੍ਹਨੇ ਨਹੀਂ ਸੀ ਆਉਂਦੇ।

5

ਤਸਵੀਰਾਂ ਇੱਕ ਮੁੰਡੇ ਦੀ ਕਹਾਣੀ ਬਿਆਨ ਕਰਦੀਆਂ ਸਨ ਜੋ ਵੱਡਾ ਹੋ ਕੇ ਪਾਇਲਟ ਬਣਿਆ ਸੀ। ਮਗੋਜ਼ਵੀ ਪਾਇਲਟ ਹੋਣ ਦੇ ਸੁਪਨੇ ਦੇਖਦਾ ਸੀ। ਕਈ ਵਾਰੀ, ਉਹ ਕਲਪਨਾ ਕਰਦਾ ਸੀ ਕਿ ਉਹ ਕਹਾਣੀ ਵਾਲਾ ਮੁੰਡਾ ਹੈ।

6

ਮਗੋਜ਼ਵੀ ਬਹੁਤ ਠੰਡ ਵਿੱਚ ਸੜਕ ਦੇ ਕਿਨਾਰੇ ਖੜ੍ਹਾ ਭੀਖ ਮੰਗ ਰਿਹਾ ਸੀ। ਇੱਕ ਆਦਮੀ ਉਸ ਕੋਲ ਗਿਆ। “ਹੈਲੋ, ਮੈਂ ਥਾਮਸ ਹਾਂ। ਮੈਂ ਇੱਥੇ ਨੇੜੇ ਕੰਮ ਕਰਦਾ ਹਾਂ, ਜਿੱਥੇ ਤੂੰ ਖਾਣ ਲਈ ਕੁਝ ਲੈ ਸਕਦਾ ਹੈ,” ਆਦਮੀ ਨੇ ਕਿਹਾ। ਉਸ ਨੇ ਇੱਕ ਨੀਲੇ ਛੱਤ ਵਾਲੇ ਪੀਲੇ ਘਰ ਨੂੰ ਇਸ਼ਾਰਾ ਕੀਤਾ। “ਮੈਂ ਉਮੀਦ ਕਰਦਾ ਹਾਂ ਕਿ ਤੂੰ ਉੱਥੇ ਜਾ ਕੇ ਕੁਝ ਭੋਜਨ ਲਵੇਂਗਾ?” ਉਸ ਨੇ ਪੁੱਛਿਆ। ਮਗੋਜ਼ਵੀ ਨੇ ਆਦਮੀ ਵੱਲ ਦੇਖਿਆ ਅਤੇ ਫਿਰ ਘਰ ਵੱਲ। "ਸ਼ਾਇਦ," ਉਹ ਕਹਿ ਕੇ ਤੁਰ ਗਿਆ।

7

ਲੰਘਦੇਂ ਮਹੀਨਿਆਂ ਨਾਲ ਬੇਘਰ ਮੁੰਡੇ ਥਾਮਸ ਨੂੰ ਆਲੇ-ਦੁਆਲੇ ਵੇਖਣ ਦੇ ਆਦੀ ਹੋ ਗਏ। ਉਹ ਲੋਕਾਂ ਨਾਲ ਗੱਲ ਕਰਨੀ ਪਸੰਦ ਕਰਦਾ ਸੀ, ਖ਼ਾਸ ਕਰਕੇ ਉਹ ਲੋਕ ਜੋ ਸੜਕ ਤੇ ਰਹਿੰਦੇ ਸਨ। ਥਾਮਸ ਲੋਕਾਂ ਦੇ ਜੀਵਨ ਦੀ ਕਹਾਣੀ ਸੁਣਦਾ ਸੀ। ਉਹ ਗੌਰ ਕਰਕੇ ਧੀਰਜ ਨਾਲ ਸੁਣਦਾ ਸੀ ਅਤੇ ਕਦੇ ਵੀ ਰੁੱਖਾ ਜਾਂ ਬਦਤਮੀਜ਼ ਨਹੀਂ ਸੀ। ਕੁਝ ਮੁੰਡੇ ਪੀਲੇ ਅਤੇ ਨੀਲੇ ਘਰ ਨੂੰ ਦੁਪਹਿਰ ਦੇ ਭੋਜਨ ਲਈ ਜਾਣ ਲੱਗ ਪਏ।

8

ਮਗੋਜ਼ਵੀ ਫੁੱਟਪਾਥ ਤੇ ਬੈਠਾ ਤਸਵੀਰਾਂ ਦੀ ਕਿਤਾਬ ਦੇਖ ਰਿਹਾ ਸੀ ਜਦ ਥਾਮਸ ਉਸ ਦੇ ਲਾਗੇ ਬੈਠ ਗਿਆ। "ਇਹ ਕਹਾਣੀ ਕਿਸ ਬਾਰੇ ਹੈ?" ਥਾਮਸ ਨੇ ਪੁੱਛਿਆ। "ਇਹ ਇੱਕ ਮੁੰਡੇ ਬਾਰੇ ਹੈ ਜੋ ਪਾਇਲਟ ਬਣਦਾ ਹੈ," ਮਗੋਜ਼ਵੀ ਨੇ ਜਵਾਬ ਦਿੱਤਾ। "ਮੁੰਡੇ ਦਾ ਨਾਮ ਕੀ ਹੈ?" ਥਾਮਸ ਨੇ ਪੁੱਛਿਆ। "ਮੈਨੂੰ ਪਤਾ ਨਹੀਂ, ਮੈਂ ਪੜ੍ਹ ਨਹੀਂ ਸਕਦਾ," ਮਗੋਜ਼ਵੀ ਹੌਲੀ ਜਿਹੀ ਬੋਲਿਆ।

9

ਜਦ ਉਹ ਮਿਲੇ, ਮਗੋਜ਼ਵੀ ਥਾਮਸ ਨੂੰ ਆਪਣੀ ਕਹਾਣੀ ਦੱਸਣ ਲੱਗਾ। ਇਹ ਕਹਾਣੀ ਉਸਦੇ ਚਾਚੇ ਅਤੇ ਘਰ ਤੋਂ ਭੱਜਣ ਦੀ ਵਜ੍ਹਾ ਬਾਰੇ ਸੀ। ਥਾਮਸ ਜ਼ਿਆਦਾ ਬੋਲਦਾ ਨਹੀਂ ਸੀ, ਅਤੇ ਉਸ ਨੇ ਮਗੋਜ਼ਵੀ ਨੂੰ ਕੁਝ ਵੀ ਕਰਨ ਲਈ ਨਹੀਂ ਦੱਸਿਆ, ਪਰ ਉਹ ਹਮੇਸ਼ਾ ਧਿਆਨ ਨਾਲ ਸੁਣਦਾ। ਕਈ ਵਾਰ ਉਹ ਨੀਲੇ ਛੱਤ ਵਾਲੇ ਘਰ ਵਿੱਚ ਖਾਣਾਂ ਖਾਂਦੇ ਗੱਲ ਕਰਦੇ।

10

ਮਗੋਜ਼ਵੀ ਦੇ ਦਸਵੇਂ ਜਨਮ ਦਿਨ ਦੇ ਨੇੜੇ, ਥਾਮਸ ਨੇ ਉਸ ਨੂੰ ਇੱਕ ਨਵੀਂ ਕਿਤਾਬ ਦਿੱਤੀ। ਉਹ ਇੱਕ ਪਿੰਡ ਦੇ ਮੁੰਡੇ ਦੀ ਕਹਾਣੀ ਸੀ ਜੋ ਵੱਡਾ ਹੋਕੇ ਮਸ਼ਹੂਰ ਫੁੱਟਬਾਲ ਖਿਡਾਰੀ ਬਣਿਆ। ਥਾਮਸ ਨੇ ਕਈ ਵਾਰ ਮਗੋਜ਼ਵੀ ਨੂੰ ਇਹ ਕਹਾਣੀ ਪੜ੍ਹ ਕੇ ਸੁਣਾਈ, ਪਰ ਇੱਕ ਦਿਨ ਉਸ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਤੈਨੂੰ ਹੁਣ ਸਕੂਲ ਜਾ ਕੇ ਪੜ੍ਹਨਾ ਸਿੱਖਣਾ ਚਾਹੀਦਾ ਹੈ। ਤੈਨੂੰ ਕੀ ਲੱਗਦਾ ਹੈ?” ਥਾਮਸ ਨੇ ਸਮਝਾਇਆ ਕਿ ਉਹ ਇੱਕ ਜਗ੍ਹਾ ਜਾਣਦਾ ਹੈ ਜਿੱਥੇ ਬੱਚੇ ਰਹਿ ਅਤੇ ਸਕੂਲ ਜਾ ਸਕਦੇ ਹਨ।

11

ਮਗੋਜ਼ਵੀ ਨੇ ਨਵੀਂ ਜਗ੍ਹਾ ਅਤੇ ਸਕੂਲ ਜਾਣ ਬਾਰੇ ਸੋਚਿਆ। ਕੀ ਹੋਏਗਾ ਜੇ ਉਸ ਦਾ ਚਾਚਾ ਸਹੀ ਸੀ ਅਤੇ ਉਹ ਸੱਚ-ਮੁੱਚ ਕੁਝ ਵੀ ਸਿੱਖਣ ਲਈ ਮੂਰਖ ਸੀ? ਕੀ ਹੋਏਗਾ ਜੇ ਉਹ ਉਸ ਨੂੰ ਨਵੀਂ ਜਗ੍ਹਾ ਤੇ ਕੁਟਣਗੇ? ਉਹ ਡਰ ਗਿਆ ਸੀ। "ਸ਼ਾਇਦ ਸੜਕ ਤੇ ਰਹਿਣਾ ਬਿਹਤਰ ਹੈ," ਉਸ ਨੇ ਸੋਚਿਆ।

12

ਉਸ ਨੇ ਥਾਮਸ ਨਾਲ ਆਪਣਾ ਡਰ ਸ਼ੇਅਰ ਕੀਤਾ। ਕੁਝ ਸਮੇਂ ਬਾਅਦ ਆਦਮੀ ਨੇ ਮੁੰਡੇ ਨੂੰ ਦਿਲਾਸਾ ਦਿੱਤਾ ਕਿ ਨਵੀਂ ਜਗ੍ਹਾ ਤੇ ਜੀਵਨ ਬਿਹਤਰ ਹੋ ਸਕਦਾ ਹੈ।

13

ਅਤੇ ਇਸ ਤਰ੍ਹਾਂ ਮਗੋਜ਼ਵੀ ਇੱਕ ਹਰੇ ਛੱਤ ਦੇ ਘਰ ਦੇ ਕਮਰੇ ਵਿੱਚ ਚਲਿਆ ਗਿਆ। ਉਹ ਦੋ ਹੋਰ ਮੁੰਡਿਆਂ ਨਾਲ ਕਮਰਾ ਸ਼ੇਅਰ ਕਰਦਾ ਸੀ। ਉਸ ਘਰ ਵਿੱਚ ਰਲ-ਮਿਲਾਕੇ ਦਸ ਬੱਚੇ ਰਹਿੰਦੇ ਸਨ। ਉਹ ਅੰਟੀ ਸਿਸੀ, ਉਸ ਦੇ ਪਤੀ, ਤਿੰਨ ਕੁੱਤੇ, ਇੱਕ ਬਿੱਲੀ, ਅਤੇ ਇੱਕ ਬੁੱਢੀ ਬੱਕਰੀ ਦੇ ਸਮੇਤ ਰਹਿੰਦੇ ਸਨ।

14

ਮਗੋਜ਼ਵੀ ਨੇ ਸਕੂਲ ਸ਼ੁਰੂ ਕੀਤਾ ਅਤੇ ਉਸ ਨੂੰ ਮੁਸ਼ਕਲ ਲੱਗਿਆ। ਉਸ ਕੋਲ ਸਿੱਖਣ ਲਈ ਬਹੁਤ ਕੁਝ ਸੀ। ਕਈ ਵਾਰੀ ਉਹ ਹਾਰ ਮੰਨਣੀ ਚਾਹੁੰਦਾ ਸੀ। ਪਰ ਉਸ ਨੇ ਪਾਇਲਟ ਅਤੇ ਫੁਟਬਾਲ ਖਿਡਾਰੀ ਬਾਰੇ ਸੋਚਿਆ ਜੋ ਕਹਾਣੀਆਂ ਵਿੱਚ ਸਨ। ਉਹਨਾਂ ਦੀ ਤਰ੍ਹਾਂ, ਉਸ ਨੇ ਹਾਰ ਨਹੀਂ ਮੰਨੀ।

15

ਮਗੋਜ਼ਵੀ ਹਰੇ ਛੱਤ ਵਾਲੇ ਘਰ ਦੇ ਵਿਹੜੇ ਵਿੱਚ ਬੈਠਾ ਸਕੂਲ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ। ਥਾਮਸ ਉਸ ਕੋਲ ਆ ਕੇ ਬੈਠ ਗਿਆ। "ਇਹ ਕਹਾਣੀ ਕਿਸ ਬਾਰੇ ਹੈ?" ਥਾਮਸ ਨੇ ਪੁੱਛਿਆ। "ਇਹ ਇੱਕ ਮੁੰਡੇ ਬਾਰੇ ਹੈ ਜੋ ਅਧਿਆਪਕ ਬਣਦਾ ਹੈ," ਮਗੋਜ਼ਵੀ ਨੇ ਜਵਾਬ ਦਿੱਤਾ। “ਮੁੰਡੇ ਦਾ ਨਾਮ ਕੀ ਹੈ?” ਥਾਮਸ ਨੇ ਪੁੱਛਿਆ। "ਉਸ ਦਾ ਨਾਮ ਮਗੋਜ਼ਵੀ ਹੈ," ਮਗੋਜ਼ਵੀ ਨੇ ਮੁਸਕਰਾ ਕੇ ਕਿਹਾ।

16

ਮਗੋਜ਼ਵੀ

Text: Lesley Koyi
Illustrations: Wiehan de Jager
Translation: Anu Gill
Language: Punjabi

This story is brought to you by the Global African Storybook Project, an effort to translate the stories of the African Storybook Project into all the languages of the world.

You can view the original story on the ASP website here

Global ASP logo

Creative Commons License
This work is licensed under a Creative Commons Attribution 3.0 Unported License.