ਜਦ ਸਿਮਬੇਗਵਾਇਰ ਦੀ ਮਾਂ ਦੀ ਮੌਤ ਹੋ ਗਈ, ਉਹ ਬਹੁਤ ਹੀ ਉਦਾਸ ਸੀ। ਸਿਮਬੇਗਵਾਇਰ ਦੇ ਪਿਤਾ ਨੇ ਆਪਣੀ ਧੀ ਦੀ ਵੱਧੀਆ ਸੰਭਾਲ ਕੀਤੀ। ਹੌਲੀ ਹੌਲੀ, ਉਹ ਸਿਮਬੇਗਵਾਇਰ ਦੀ ਮਾਂ ਬਿਨਾ ਮੁੜ ਖੁਸ਼ ਮਹਿਸੂਸ ਹੋਣ ਲੱਗੇ। ਹਰ ਸਵੇਰ ਉਹ ਬੈਠ ਕੇ ਆਉਣ ਵਾਲੇ ਦਿਨ ਬਾਰੇ ਗੱਲ-ਬਾਤ ਕਰਦੇ। ਹਰ ਸ਼ਾਮ ਉਹ ਇਕੱਠੇ ਖਾਣਾ ਬਣਾਉਂਦੇ। ਬਰਤਨ ਧੋਣ ਦੇ ਬਾਅਦ, ਸਿਮਬੇਗਵਾਇਰ ਦੇ ਪਿਤਾ ਜੀ ਉਸ ਦੀ ਸਕੂਲ ਦੇ ਕੰਮ ਵਿੱਚ ਮਦਦ ਕਰਦੇ।
ਇੱਕ ਦਿਨ, ਸਿਮਬੇਗਵਾਇਰ ਦੇ ਪਿਤਾ ਆਮ ਨਾਲੋਂ ਬਾਅਦ ਘਰ ਆਏ। "ਤੁਸੀਂ ਕਿੱਥੇ ਹੋ ਮੇਰੇ ਬੱਚੇ?" ਉਹਨਾਂ ਨੇ ਅਵਾਜ਼ ਦਿੱਤੀ। ਸਿਮਬੇਗਵਾਇਰ ਆਪਣੇ ਪਿਤਾ ਵਲ ਭੱਜੀ ਗਈ। ਉਹ ਰੁੱਕ ਗਈ ਜਦ ਉਸ ਨੇ ਉਹਨਾਂ ਨੂੰ ਇੱਕ ਔਰਤ ਦਾ ਹੱਥ ਫੜਿਆ ਹੋਇਆ ਦੇਖਿਆ। "ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਖਾਸ ਇਨਸਾਨ ਨੂੰ ਮਿਲੋ, ਮੇਰੇ ਬੱਚੇ। ਇਹ ਅਨੀਤਾ ਹੈ," ਉਹਨਾਂ ਨੇ ਮੁਸਕਰਾਉਂਦੇ ਕਿਹਾ।
"ਹੈਲੋ ਸਿਮਬੇਗਵਾਇਰ, ਤੁਹਾਡੇ ਪਿਤਾ ਨੇ ਮੈਨੂੰ ਤੁਹਾਡੇ ਬਾਰੇ ਬਹੁਤ ਕੁੱਝ ਦੱਸਿਆ ਹੈ," ਅਨੀਤਾ ਨੇ ਕਿਹਾ। ਪਰ ਉਸਨੇ ਨਾ ਹੀ ਮੁਸਕਰਾਇਆ ਅਤੇ ਨਾ ਹੀ ਲੜਕੀ ਦਾ ਹੱਥ ਫੜਿਆ। ਸਿਮਬੇਗਵਾਇਰ ਦੇ ਪਿਤਾ ਜੀ ਖੁਸ਼ ਅਤੇ ਉਤਸਾਹਿਤ ਸੀ। ਉਸ ਨੇ ਉਹਨਾਂ ਤਿੰਨਾਂ ਦੇ ਇਕੱਠੇ ਰਹਿਣ ਬਾਰੇ ਗੱਲ ਕੀਤੀ, ਅਤੇ ਕਿਸ ਤਰ੍ਹਾਂ ਉਹਨ੍ਹਾਂ ਦਾ ਜੀਵਨ ਚੰਗਾ ਹੋਵੇਗਾ। "ਮੇਰੇ ਬੱਚੇ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅਨੀਤਾ ਨੂੰ ਆਪਣੀ ਮਾਂ ਦੇ ਰੂਪ ਵਿੱਚ ਸਵੀਕਾਰ ਕਰੋਗੇ," ਉਹਨ੍ਹਾਂ ਨੇ ਕਿਹਾ।
ਸਿਮਬੇਗਵਾਇਰ ਦੀ ਜ਼ਿੰਦਗੀ ਬਦਲ ਗਈ। ਉਸ ਕੋਲ ਹੁਣ ਸਵੇਰ ਵੇਲੇ ਆਪਣੇ ਪਿਤਾ ਦੇ ਨਾਲ ਬੈਠਣ ਲਈ ਸਮਾਂ ਨਹੀਂ ਸੀ। ਅਨੀਤਾ ਉਸ ਨੂੰ ਬਹੁਤ ਸਾਰੇ ਘਰ ਦੇ ਕੰਮ ਦਿੰਦੀ ਸੀ ਕਿ ਉਹ ਸ਼ਾਮ ਨੂੰ ਸਕੂਲ ਦਾ ਕੰਮ ਕਰਨ ਲਈ ਥੱਕ ਜਾਂਦੀ ਸੀ। ਉਹ ਰਾਤ ਦੇ ਖਾਣੇ ਬਾਅਦ ਸਿੱਧਾ ਮੰਜੇ ਵਲ ਚਲੀ ਜਾਂਦੀ ਸੀ। ਉਸ ਨੂੰ ਆਰਾਮ ਸਿਰਫ਼ ਰੰਗਲੇ ਕੰਬਲ ਵਿੱਚ ਆਉਂਦਾ ਸੀ ਜੋ ਉਸ ਦੀ ਮਾਂ ਨੇ ਦਿੱਤਾ ਸੀ। ਸਿਮਬੇਗਵਾਇਰ ਦੇ ਪਿਤਾ ਨੂੰ ਉਸ ਦੀ ਧੀ ਦੇ ਨਾਂ ਖੁਸ਼ ਹੋਣ ਬਾਰੇ ਪਤਾ ਨਹੀਂ ਲਗਿਆ।
ਕੁਝ ਮਹੀਨੇ ਬਾਅਦ, ਸਿਮਬੇਗਵਾਇਰ ਦੇ ਪਿਤਾ ਨੇ ਉਹਨ੍ਹਾਂ ਨੂੰ ਦੱਸਿਆ ਕਿ ਉਹ ਕੁਝ ਦੇਰ ਲਈ ਘਰ ਤੋਂ ਬਾਹਰ ਰਹੇਗਾ। "ਮੈਨੂੰ ਮੇਰੇ ਕੰਮ ਲਈ ਸਫ਼ਰ ਕਰਨਾ ਪਵੇਗਾ," ਉਸ ਨੇ ਕਿਹਾ। "ਪਰ ਮੈਨੂੰ ਪਤਾ ਹੈ ਕਿ ਤੁਸੀਂ ਇਕ-ਦੂਜੇ ਦੀ ਦੇਖ-ਭਾਲ ਕਰੋਗੇ।" ਸਿਮਬੇਗਵਾਇਰ ਉਦਾਸ ਹੋਈ ਪਰ ਉਸ ਦੇ ਪਿਤਾ ਨੇ ਨੋਟਿਸ ਨਹੀਂ ਕੀਤਾ। ਅਨੀਤਾ ਨੇ ਕੁਝ ਨਹੀਂ ਕਿਹਾ। ਉਹ ਵੀ ਖੁਸ਼ ਨਹੀ ਸੀ।
ਸਿਮਬੇਗਵਾਇਰ ਲਈ ਮਹੌਲ ਹੋਰ ਵੀ ਬਦਤਰ ਹੋ ਗਿਆ। ਜੇ ਉਹ ਕੰਮ ਖਤਮ ਨਾ ਕਰਦੀ ਜਾਂ ਉਹ ਸ਼ਿਕਾਇਤ ਕਰਦੀ ਤਾਂ ਅਨੀਤਾ ਉਸ ਨੂੰ ਮਾਰਦੀ ਸੀ। ਅਤੇ ਰਾਤ ਦੇ ਖਾਣੇ ਸਮੇਂ, ਉਹ ਔਰਤ ਸਾਰਾ ਭੋਜਨ ਖਾ ਲੈਂਦੀ ਸੀ ਅਤੇ ਸਿਮਬੇਗਵਾਇਰ ਨੂੰ ਸਿਰਫ ਕੁੱਝ ਕੁ ਟੁਕੜੇ ਛੱਡਦੀ ਸੀ। ਹਰ ਰਾਤ ਸਿਮਬੇਗਵਾਇਰ ਰੋਂਦੀ ਹੁੰਦੀ ਸੀ ਅਤੇ ਉਸ ਦੀ ਮਾਂ ਦੇ ਕੰਬਲ ਨੂੰ ਜੱਫੀ ਪਾਉਂਦੀ ਸੌਂਦੀ ਸੀ।
ਇਕ ਸਵੇਰ, ਸਿਮਬੇਗਵਾਇਰ ਨੂੰ ਉੱਡਣ ਵਿੱਚ ਦੇਰ ਹੋ ਗਈ। "ਇਹ ਆਲਸੀ ਲੜਕੀ!" ਅਨੀਤਾ ਨੇ ਉੱਚੀ ਰੌਲਾ ਪਾਇਆ। ਉਸ ਨੇ ਸਿਮਬੇਗਵਾਇਰ ਨੂੰ ਮੰਜੇ ਵਿੱਚੋਂ ਬਾਹਰ ਖਿੱਚਿਆ। ਉਸ ਦਾ ਕੀਮਤੀ ਕੰਬਲ ਇੱਕ ਮੇਖ ਵਿਚ ਫਸ ਗਿਆ ਅਤੇ ਉਸ ਦੇ ਦੋ ਟੋਟੇ ਹੋ ਗਏ।
ਸਿਮਬੇਗਵਾਇਰ ਬਹੁਤ ਹੀ ਪਰੇਸ਼ਾਨ ਸੀ। ਉਸ ਨੇ ਘਰ ਤੋਂ ਭੱਜਣ ਦਾ ਫੈਸਲਾ ਕੀਤਾ। ਉਸ ਨੇ ਆਪਣੀ ਮਾਂ ਦੇ ਕੰਬਲ ਦੇ ਕੁਝ ਟੁਕੜੇ ਲਏ, ਕੁਝ ਭੋਜਨ ਪੈਕ ਕੀਤਾ ਅਤੇ ਘਰ ਨੂੰ ਛੱਡ ਦਿੱਤਾ। ਉਹ ਉਸ ਸੜਕ ਤੇ ਗਈ ਜਿਸ ਉਪਰ ਉਸ ਦੇ ਪਿਤਾ ਜੀ ਗਏ ਸਨ।
ਜਦ ਸ਼ਾਮ ਹੋ ਗਈ, ਉਹ ਇੱਕ ਨਦੀ ਦੇ ਨੇੜੇ ਇਕ ਲੰਬੇ ਰੁੱਖ ਤੇ ਚੜ ਗਈ ਅਤੇ ਟਹਿਣੀਆਂ ਵਿੱਚ ਆਪਣੇ ਆਪ ਲਈ ਬਿਸਤਰਾ ਲਗਾਇਆ। ਉਹ ਸੌਂਦੀ ਸੌਂਦੀ ਗਾਉਂਣ ਲਗੀ: "ਮਾਂ, ਮਾਂ, ਮਾਂ, ਤੂੰ ਮੈਨੂੰ ਛੱਡ ਗਈ। ਤੂੰ ਮੈਨੂੰ ਛੱਡ ਗਈ ਅਤੇ ਵਾਪਸ ਕਦੇ ਵੀ ਨਾ ਆਈ। ਪਾਪਾ ਹੁਣ ਮੈਨੂੰ ਪਿਆਰ ਨਹੀ ਕਰਦੇ। ਮਾਂ, ਤੂੰ ਕਦੋਂ ਵਾਪਸ ਆਵੇਂਗੀ? ਤੂੰ ਮੈਨੂੰ ਛੱਡ ਗਈ।”
ਅਗਲੀ ਸਵੇਰ, ਸਿਮਬੇਗਵਾਇਰ ਨੇ ਫਿਰ ਗੀਤ ਗਾਇਆ। ਜਦ ਮਹਿਲਾਵਾਂ ਨਦੀ ਤੇ ਆਪਣੇ ਕੱਪੜੇ ਧੋਣ ਆਈਆਂ, ਉਹਨਾਂ ਨੇ ਦੁੱਖ ਭਰਿਆ ਗੀਤ ਇੱਕ ਲੰਬੇ ਰੁੱਖ ਤੋਂ ਆਉਂਦਾ ਸੁਣਿਆ। ਉਹਨਾਂ ਨੇ ਸੋਚਿਆ ਇਹ ਸਿਰਫ ਹਵਾ ਦੇ ਨਾਲ ਪੱਤਿਆਂ ਦਾ ਖੜਾਕ ਹੈ ਅਤੇ ਆਪਣਾ ਕੰਮ ਜ਼ਾਰੀ ਰੱਖਿਆ। ਪਰ ਇੱਕ ਔਰਤ ਨੇ ਗੀਤ ਨੂੰ ਧਿਆਨ ਨਾਲ ਸੁਣਿਆ।
ਇੱਕ ਔਰਤ ਨੇ ਰੁੱਖ ਵੱਲ ਉਤਾਂਹ ਵੇਖਿਆ। ਜਦ ਉਸ ਨੇ ਕੁੜੀ ਅਤੇ ਉਸ ਦੇ ਰੰਗੀਨ ਕੰਬਲ ਦੇ ਟੁਕੜੇ ਨੂੰ ਵੇਖਿਆ, ਉਹ ਚੀਕੀ "ਸਿਮਬੇਗਵਾਇਰ, ਮੇਰੇ ਭਰਾ ਦੀ ਬੱਚੀ!" ਹੋਰ ਔਰਤਾਂ ਨੇ ਧੋਣਾ ਬੰਦ ਕੀਤਾ ਅਤੇ ਸਿਮਬੇਗਵਾਇਰ ਦੀ ਰੁੱਖ ਤੋਂ ਥੱਲੇ ਆਉਣ ਦੀ ਮਦਦ ਕੀਤੀ। ਉਸ ਦੀ ਭੂਆ ਨੇ ਛੋਟੀ ਕੁੜੀ ਨੂੰ ਗਲੇ ਲਾਇਆ ਅਤੇ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ।
ਸਿਮਬੇਗਵਾਇਰ ਦੀ ਭੂਆ ਉਸ ਨੂੰ ਆਪਣੇ ਘਰ ਲੈ ਗਈ। ਉਸ ਨੇ ਸਿਮਬੇਗਵਾਇਰ ਨੂੰ ਗਰਮ ਭੋਜਨ ਦਿੱਤਾ ਅਤੇ ਉਸ ਨੂੰ ਉਸ ਦੀ ਮਾਂ ਦੇ ਕੰਬਲ ਨਾਲ ਮੰਜੇ ਵਿੱਚ ਸਜਾਇਆ। ਉਸ ਰਾਤ, ਸਿਮਬੇਗਵਾਇਰ ਰੋਂਦੀ ਰੋਂਦੀ ਸੋਈ। ਪਰ ਇਹ ਰਾਹਤ ਦੇ ਹੰਝੂ ਸਨ। ਉਸ ਨੂੰ ਪਤਾ ਸੀ ਕਿ ਉਸ ਦੀ ਭੂਆ ਉਸ ਦੀ ਦੇਖ-ਭਾਲ ਕਰੇਗੀ।
ਜਦ ਸਿਮਬੇਗਵਾਇਰ ਦੇ ਪਿਤਾ ਘਰ ਵਾਪਸ ਆਏ, ਉਹਨਾਂ ਨੇ ਉਸ ਦਾ ਕਮਰਾ ਖਾਲੀ ਦੇਖਿਆ। "ਕੀ ਹੋਇਆ, ਅਨੀਤਾ?" ਉਸ ਨੇ ਭਾਰੀ ਦਿਲ ਨਾਲ ਪੁੱਛਿਆ। ਉਸ ਔਰਤ ਨੇ ਸਮਝਾਇਆ ਕਿ ਸਿਮਬੇਗਵਾਇਰ ਭੱਜ ਗਈ ਹੈ। "ਮੈਂ ਚਾਹੁੰਦੀ ਸੀ ਕਿ ਉਹ ਮੇਰੀ ਇੱਜ਼ਤ ਕਰੇ," ਉਸ ਨੇ ਕਿਹਾ। "ਪਰ ਸ਼ਾਇਦ ਮੈਂ ਬਹੁਤ ਜਿਆਦਾ ਸਖਤ ਸੀ।" ਸਿਮਬੇਗਵਾਇਰ ਦੇ ਪਿਤਾ ਘਰੋ ਚਲੇ ਗਏ ਅਤੇ ਨਦੀ ਦੀ ਦਿਸ਼ਾ ਵੱਲ ਗਏ। ਉਹ ਆਪਣੀ ਭੈਣ ਦੇ ਪਿੰਡ ਵੱਲ ਪਤਾ ਕਰਨ ਲਈ ਗਏ ਜੇ ਉਸ ਨੇ ਸਿਮਬੇਗਵਾਇਰ ਨੂੰ ਵੇਖਿਆ ਹੈ।
ਸਿਮਬੇਗਵਾਇਰ ਆਪਣੇ ਚਚੇਰੇ ਭੈਣ ਭਰਾਵਾਂ ਨਾਲ ਖੇਡ ਰਹੀ ਸੀ ਜਦ ਉਸ ਨੇ ਦੂਰੋਂ ਆਪਣੇ ਪਿਤਾ ਨੂੰ ਵੇਖਿਆ। ਉਹ ਡਰ ਗਈ ਸੀ ਕਿ ਉਹ ਗੁੱਸੇ ਹੋਵੇਗਾ ਇਸ ਲਈ ਉਹ ਘਰ ਦੇ ਅੰਦਰ ਭੱਜਕੇ ਛੁਪ ਗਈ। ਪਰ ਉਸ ਦੇ ਪਿਤਾ ਨੇ ਉਸ ਕੋਲ ਆ ਕੇ ਆਖਿਆ, "ਸਿਮਬੇਗਵਾਇਰ, ਤੂੰ ਆਪਣੇ ਆਪ ਲਈ ਉੱਤਮ ਮਾਂ ਲੱਭੀ ਹੈ। ਉਹ ਤੈਨੂੰ ਪਿਆਰ ਕਰਦੀ ਹੈ ਅਤੇ ਤੈਨੂੰ ਸਮਝਦੀ ਹੈ। ਮੈਨੂੰ ਤੇਰੇ ਤੇ ਮਾਣ ਹੈ ਅਤੇ ਮੈਂ ਤੈਨੂੰ ਪਿਆਰ ਕਰਦਾ ਹਾਂ।" ਉਹ ਸਹਿਮਤ ਸਨ ਕਿ ਸਿਮਬੇਗਵਾਇਰ ਆਪਣੀ ਭੂਆ ਦੇ ਨਾਲ ਜਿੰਨ੍ਹੀ ਦੇਰ ਚਾਹੁੰਦੀ ਹੈ ਰਹਿ ਸਕਦੀ ਹੈ।
ਉਸ ਦੇ ਪਿਤਾ ਉਸ ਨੂੰ ਰੋਜ਼ ਮਿਲਣ ਆਉਂਦੇ। ਅਖੀਰ ਨੂੰ, ਉਹ ਅਨੀਤਾ ਦੇ ਨਾਲ ਆਏ। ਉਹ ਸਿਮਬੇਗਵਾਇਰ ਦਾ ਹੱਥ ਫੜਨ ਲਈ ਅੱਗੇ ਵਧੀ। “ਮੈਨੂੰ ਬਹੁਤ ਅਫ਼ਸੋਸ ਹੈ ਬੱਚੇ, ਮੈਂ ਗ਼ਲਤ ਸੀ," ਉਹ ਰੋਈ। "ਕੀ ਤੂੰ ਮੈਨੂੰ ਮੁੜ ਕੋਸ਼ਿਸ ਕਰਨ ਦਾ ਮੌਕਾ ਦੇਵੇਂਗੀ?" ਸਿਮਬੇਗਵਾਇਰ ਨੇ ਉਸ ਦੇ ਪਿਤਾ ਅਤੇ ਉਹਨਾ ਦੇ ਚਿੰਤਤ ਚਿਹਰੇ ਵਲ ਦੇਖਿਆ। ਫਿਰ ਉਸ ਨੇ ਹੌਲੀ ਹੌਲੀ ਅੱਗੇ ਕਦਮ ਰੱਖੇ ਅਤੇ ਅਨੀਤਾ ਨੂੰ ਜੱਫੀ ਪਾਈ।
ਅਗਲੇ ਹਫ਼ਤੇ, ਅਨੀਤਾ ਨੇ ਸਿਮਬੇਗਵਾਇਰ, ਉਸਦੇ ਚਚੇਰੇ ਭੈਣ ਭਰਾਵਾਂ ਅਤੇ ਭੂਆ ਨੂੰ ਘਰ ਭੋਜਨ ਲਈ ਆਉਣ ਲਈ ਸੱਦਾ ਦਿੱਤਾ। ਕੀ ਦਾਵਤ ਸੀ! ਅਨੀਤਾ ਨੇ ਸਿਮਬੇਗਵਾਇਰ ਦਾ ਮਨਪਸੰਦ ਭੋਜਨ ਤਿਆਰ ਕੀਤਾ, ਅਤੇ ਹਰ ਕਿਸੇ ਨੇ ਪੇਟ ਭਰਕੇ ਖਾਧਾ। ਫਿਰ ਬੱਚੇ ਖੇਡੇ ਅਤੇ ਸਿਆਣਿਆਂ ਨੇ ਗੱਲਾਂ-ਬਾਤਾਂ ਕੀਤੀਆਂ। ਸਿਮਬੇਗਵਾਇਰ ਖੁਸ਼ ਅਤੇ ਬਹਾਦਰ ਮਹਿਸੂਸ ਕਰ ਰਹੀ ਸੀ। ਉਸ ਨੇ ਫੈਸਲਾ ਕੀਤਾ ਸੀ ਕਿ ਉਹ ਬਹੁਤ ਜਲਦੀ ਉਸ ਦੇ ਪਿਤਾ ਅਤੇ ਮਤਰੇਈ ਮਾਂ ਦੇ ਨਾਲ ਰਹਿਣ ਲਈ ਵਾਪਸ ਘਰ ਆਵੇਗੀ।
This story is brought to you by the Global African Storybook Project, an effort to translate the stories of the African Storybook Project into all the languages of the world.
You can view the original story on the ASP website here